09/05/2020
ਭਾਰਤ ‘ਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੁਆਰਾ ਲਿਆ ਜਾਂਦਾ IAS ਦਾ ਪੇਪਰ ਦੁਨੀਆਂ ਦੇ ਸਭ ਤੋਂ ਔਖੇ ਪੇਪਰਾਂ ਦੀ ਮੁੱਢਲੀ ਕਤਾਰ ‘ਚ ਆਉਂਦਾ ਹੈ। ਦੁਨੀਆਂ ਭਰ ‘ਚ ਵਾਪਰੀ ਕਿਸੇ ਵੀ ਘਟਨਾ ਬਾਰੇ ਜਾਂ ਇੱਥੋਂ ਤੱਕ ਕਿ ਜਿੱਥੋਂ ਤੱਕ ਆਮ ਵਿਅਕਤੀ ਦੀ ਸੋਚ ਵੀ ਨਹੀਂ ਜਾਂਦੀ, ਉਸ ਵਿਸ਼ੇ ‘ਤੇ ਇਸ ਪੇਪਰ ‘ਚ ਸੁਆਲ ਪੁੱਛਿਆ ਜਾ ਸਕਦਾ ਹੈ। 2019 ਦੇ ਅੰਕੜਿਆਂ ਅਨੁਸਾਰ ਕਰੀਬ ਅੱਠ ਲੱਖ ਉਮੀਦਵਾਰਾਂ ਨੇ ਇਹ ਪੇਪਰ ਦਿੱਤਾ, ਜਿਸਦੇ ਸ਼ੁਰੂਆਤੀ ਨਤੀਜਿਆਂ ਮੁਤਾਬਿਕ 11845 ਉਮੀਦਵਾਰ ਮੇਨ ਪੇਪਰ ਦੇਣ ਲਈ ਚੁਣੇ ਗਏ। ਇਹਨਾਂ ‘ਚੋਂ ਢਾਈ ਹਜ਼ਾਰ ਦੇ ਕਰੀਬ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਤੇ ਸਿਰਫ਼ 896 ਦੇ ਕਰੀਬ ਅਫ਼ਸਰ ਭਰਤੀ ਕੀਤੇ ਗਏ। ਭਾਵ 0.112 ਪ੍ਰਤੀਸ਼ਤ ਉਮੀਦਵਾਰਾਂ ਨੂੰ ਹੀ ਸਫਲਤਾ ਮਿਲੀ, ਤੇ ਬਾਕੀ 99.888 ਪ੍ਰਤੀਸ਼ਤ ਉਮੀਦਵਾਰਾਂ ਦੇ ਪੱਲੇ ਨਿਰਾਸ਼ਾ ਪਈ। ਸਫਲ ਹੋਏ ਇਹਨਾਂ 0.112 ਪ੍ਰਤੀਸ਼ਤ ਅਫਸਰਾਂ ਵਿਚੋਂ ਵੀ ਰੈਂਕ ਦੇ ਹਿਸਾਬ ਨਾਲ IAS, IFS, IPS, IRS, IAAS ਆਦਿ ਕੈਟਾਗਰੀਆਂ ‘ਚ ਵੰਡਿਆ ਗਿਆ, ਤਾਂ IAS ਅਫਸਰਾਂ (ਜੋ ਡਿਪਟੀ ਕਮਿਸ਼ਨਰ ਚੁਣੇ ਜਾਂਦੇ ਹਨ) ਦਾ ਇਹ ਪ੍ਰਤੀਸ਼ਤ ਕਿੰਨਾ ਕੁ ਰਹਿ ਜਾਂਦਾ ਹੋਵੇਗਾ, ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ।
ਸਵਾ ਅਰਬ ਤੋਂ ਵਧੇਰੇ ਅਬਾਦੀ ਵਾਲੇ ਮੁਲਕ ‘ਚੋਂ ਹਰ ਸਾਲ ਕੇਵਲ ਅੱਠ ਲੱਖ ਦੇ ਕਰੀਬ ਲੋਕ ਇਹ ਪੇਪਰ ਦੇਣ ਦਾ ਹੀਆ ਕਰਦੇ ਹਨ, ਤੇ ਉਹਨਾਂ ‘ਚੋਂ ਸੌ ਕੁ ਦੇ ਕਰੀਬ ਉਮੀਦਵਾਰ ਹੀ ਡਿਪਟੀ ਕਮਿਸ਼ਨਰ ਵਰਗੇ ਅਹੁਦੇ ‘ਤੇ ਪਹੁੰਚਣ ‘ਚ ਕਾਮਯਾਬ ਹੁੰਦੇ ਹਨ। ਇਸ ਅਹੁਦੇ ਨੂੰ ਪ੍ਰਾਪਤ ਕਰਨ ਲਈ ਮਿਹਨਤ 'ਚ ਢਿੱਲ ਲਈ ਕਿਸੇ ਕਿਸਮ "ਵੀ" ਦੇ ਬਹਾਨੇ, ਮਜ਼ਬੂਰੀ, ਜਾਂ IF - BUT ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਦਿਨ ਰਾਤ ਮਿਹਨਤ ਦੀ ਕੁਠਾਲੀ 'ਚ ਤਪਣਾ ਪੈਂਦਾ ਹੈ, ਤਾਂ ਕਿਤੇ ਜਾ ਕੇ ਉਹ ਵਿਅਕਤੀ ਖਰਾ ਸੋਨਾ ਬਣਦਾ ਹੈ। ਸਾਡੇ ਸਮਾਜ ‘ਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿ ਦੇਸ਼ ਭਰ ‘ਚੋਂ ਆਪਣੀ ਕਾਬਲੀਅਤ ਸਿੱਧ ਕਰਕੇ ਆਏ ਅਫ਼ਸਰਾਂ ਦੇ ਅਹੁਦੇ ਨੂੰ ਬਣਦਾ ਸਤਿਕਾਰ ਨਹੀਂ ਦਿੰਦੇ। ਜੇਕਰ ਕੋਈ ਵੀ ਨਾਗਰਿਕ ਇਹਨਾਂ ਅੰਕੜਿਆਂ ਦੀ ਰੌਸ਼ਨੀ ‘ਚ ਆਪਣੇ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਤੱਕੇਗਾ ਤਾਂ ਉਸ ਅਫ਼ਸਰ ਦੀ ਕਾਬਲੀਅਤ ਸਹਿਜੇ ਹੀ ਨਜ਼ਰੀਂ ਪਵੇਗੀ, ਮੁੜ ਸ਼ਾਇਦ ਉਸ ਅਹੁਦੇ ਪ੍ਰਤੀ ਸਤਿਕਾਰ ਵੀ ਸਹਿਜੇ ਉਸਦੇ ਦਿਲ ‘ਚ ਪੈਦਾ ਹੋ ਜਾਵੇਗਾ।
- ਰਿਸ਼ੀ