30/01/2025
ਅਫ਼ਸਰਸ਼ਾਹੀ ਤੇ ਅੜੀ-ਫੜੀ ਮੰਤਰੀਆਂ ਦੇ ਕਿਵੇਂ ਹਾੜੇ ਕਢਾ ਛੱਡਦੀ ਹੈ, ਇਹਦੀ ਜਿਊਂਦੀ ਜਾਗਦੀ ਮਿਸਾਲ ਹਰਿਆਣਾ ਦਾ ਮੰਤਰੀ ਅਨਿਲ ਵਿੱਜ ਹੈ। ਹੁਕਮ ਨਹੀਂ ਮੰਨਿਆ ਗਿਆ ਤਾਂ ਕਲਪ ਕੇ ਕਹਿ ਦਿੱਤਾ, ‘ਜਿਵੇਂ ਕਿਸਾਨਾਂ ਦੀਆਂ ਮੰਗਾਂ ਲਈ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ’ਤੇ ਨੇ, ਮੈਂ ਵੀ ਅੰਬਾਲਾ ਦੀ ਜਨਤਾ ਲਈ ਵਰਤ ’ਤੇ ਬੈਠ ਸਕਦਾਂ।’
ਇੱਕ ਮਹੀਨਾ ਪਹਿਲਾਂ ਅਨਿਲ ਵਿੱਜ ਨੇ ਪੀ.ਡਬਲਿਊ.ਡੀ. ਰੈਸਟ ਹਾਊਸ ਅੰਬਾਲਾ ਕੈਂਟ ’ਚ ਜਨਤਾ ਦਰਬਾਰ ਲਾਇਆ ਸੀ। ਇੱਕ ਔਰਤ ਨੇ ਪੈਸਿਆਂ ਦੇ ਲੈਣ-ਦੇਣ ਦੀ ਸ਼ਿਕਾਇਤ ਕਰਦਿਆਂ ਕਿਹਾ ਕਿ ਐਸ.ਐਚ.ਓ ਦੂਜੀ ਧਿਰ ਦੀ ਵੱਧ ਸੁਣਦਾ ਤੇ ਪਰਚਾ ਦਰਜ ਨਹੀਂ ਕਰਦਾ। ਵਿੱਜ ਨੇ ਐਸ.ਐਚ.ਓ ਨੂੰ ਪੁੱਛਿਆ, ਪਰਚਾ ਕਿਉਂ ਨਹੀਂ ਕੀਤਾ। ਗੁੱਸੇ ’ਚ ਡੀ.ਜੀ.ਪੀ. ਨੂੰ ਫੋਨ ਕੀਤਾ ਕਿ ਇਹਨੂੰ ਸਸਪੈਂਡ ਕੀਤਾ ਜਾਵੇ।’
ਐਸ.ਐਚ.ਓ ਦੀ ਸਸਪੈਂਸ਼ਨ ਵਾਲੀ ਫਾਈਲ ਗ੍ਰਹਿ ਵਿਭਾਗ ਕੋਲ ਗਈ, ਪਰ ਰੱਦ ਹੋ ਗਈ ਕਿਉਂਕਿ ਗ੍ਰਹਿ ਵਿਭਾਗ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੋਲ ਹੈ। ਵਿੱਜ ਨੂੰ ਹੱਤਕ ਮਹਿਸੂਸ ਹੋ ਰਹੀ ਤੇ ਦੋ ਟੁੱਕ ਕਹਿ ਦਿੱਤਾ ਕਿ ਜਨਤਾ ਲਈ ਕੁੱਝ ਵੀ ਕਰ ਸਕਦਾਂ, ਡੱਲੇਵਾਲ ਵੀ ਬਣ ਸਕਦਾਂ।
ਐਸ.ਐਚ.ਓ ਦਾ ਕੀ ਬਣਦਾ, ਬਾਅਦ ਦੀ ਗੱਲ, ਪਰ ਦੋ ਗੱਲਾਂ ਦਾ ਪਤਾ ਲੱਗ ਗਿਆ ਕਿ ਹਰਿਆਣੇ ਦੀ ਸਰਕਾਰ ’ਚ ਵੀ ਸਾਰਾ ਕੁੱਝ ਠੀਕ ਨਹੀਂ ਤੇ ਡੱਲੇਵਾਲ ਦੇ ਮਰਨ ਵਰਤ ਨੂੰ ਅਨਿਲ ਵਿੱਜ ਵੀ ਸਹੀ ਮੰਨਦੈ। ਕਈ ਵਾਰ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਗ਼ਲਤ ਦੱਸਣ ਵਾਲੇ ਵਿੱਜ ਨੂੰ ਜੇ ਡੱਲੇਵਾਲ ਦਾ ਮਰਨ ਵਰਤ ਸਹੀ ਲੱਗਣ ਲੱਗੈ ਤਾਂ ਮਤਲਬ ਸਾਫ਼ ਹੈ, ਗੱਲ ਦਿਲ ’ਤੇ ਲੱਗੀ ਐ।
- ਸਵਰਨ ਸਿੰਘ ਟਹਿਣਾ