20/03/2020
ਕੁਝ ਕਰਮ ਸਾਂਝੇ ਹੁੰਦੇ ਨੇ, ਔਰ ਕਰਮਾ ਦਾ ਸੰਯੋਗ ਬਣ ਜਾਂਦੈ। ਜੋ ਮੈਂ ਕਰਮ ਕੀਤੈ ਉਸ ਤਰ੍ਹਾਂ ਦਾ ਦੂਜੇ ਨੇ, ਤੀਜੇ ਨੇ, ਚੌਥੇ ਨੇ, ਪੰਜਵੇਂ ਨੇ ਵੀ ਕੀਤੈ। ਕਰਮਾ ਦੀ ਸਾਂਝ, ਕਈ ਦਫ਼ਾ ਕਰਮ ਕਰਨ ਵਾਲਿਆਂ ਦੀ ਸਾਂਝ ਬਣਾ ਦੇਂਦੀ ਏ, ਉਨ੍ਹਾਂ ਨੂੰ ਵੀ ਇਕੱਠੇ ਕਰ ਦੇਂਦੀ ਏ। ਇਸ ਨੂੰ ਬੜੇ ਧਿਆਨ ਨਾਲ ਸੁਣਨਾ, ਕਿਉਂਕਿ ਕਈ ਦਿਨਾਂ ਤੋਂ ਇਹ ਵੀ ਇਕ ਪ੍ਰਸ਼ਨ ਚਲ ਰਿਹਾ ਸੀ।
ਜੈਸੇ ਕਈਆਂ ਦੇ ਨੈਣ ਨਕਸ਼ ਮੇਲ ਖਾ ਜਾਂਦੇ ਨੇ, ਸੁਭਾਅ ਮੇਲ ਖਾ ਜਾਂਦੇ ਨੇ ਆਵਾਜ਼ ਮੇਲ ਖਾ ਜਾਂਦੀ ਏ, ਕਰਮਾ ਦੀ ਸਾਂਝ ਵੀ ਕਈਆਂ ਨਾਲ ਮੇਲ ਖਾ ਜਾਂਦੀ ਏ। ਜੋ ਮੈਂ ਕਰਦਾ ਰਿਹਾਂ, ਮੈਂ ਸੋਚਦਾ ਰਿਹਾਂ, ਹੋਰ ਵੀ ਸੋਚਦੇ ਰਹੇ ਨੇ, ਕਰਦੇ ਰਹੇ ਨੇ, ਤੇ ਕਰਮ ਬੀਜ ਅੈ, ਇਨ੍ਹਾਂ ਬੀਜਾਂ ਦੇ ਵਿਚੋਂ, ਕਰਮ ਅਸੀਂ ਹਜ਼ਾਰਾਂ ਤਰ੍ਹਾਂ ਦੇ ਕਰਦੇ ਹਾਂ, ਸੋਚਣੀ ਸਾਡੀ ਹਜ਼ਾਰਾਂ ਤਰ੍ਹਾਂ ਦੀ ਹੋਵੇਗੀ, ਫਲ ਸਿਰਫ਼ ਦੋ ਹੀ ਨਿਕਲਦੇ ਨੇ ,ਤੀਜਾ, ਚੌਥਾ ਫਲ ਨਹੀਂ ਨਿਕਲਦਾ। ਦੋ ਈ ਫਲ ਨਿਕਲਦੇ ਨੇ, ਸੁਖ ਤੇ ਦੁਖ, ਹੋਰ ਕੋਈ ਫਲ ਨਈ ਏਂ। ਸੁਖ ਦਾ ਮਤਲਬ ਏ, ਕੋਈ ਕਰਮ ਸਹੀ ਸੀ, ਸੋਚਣੀ ਸਹੀ ਸੀ, ਦੁਖ ਦਾ ਮਤਲਬ ਏ, ਕੋਈ ਕਰਮ ਗ਼ਲਤ ਸੀ, ਬਸ ਇਤਨੀ ਗੱਲ ਹੈ। ਸ਼ੁਭ ਕਰਮ ਕਰਨ ਵਾਲਿਆਂ ਦੀ ਵੀ ਸਾਂਝ ਬਣ ਜਾਂਦੀ ਏ, ਅਸ਼ੁਭ ਕਰਮ ਕਰਨ ਵਾਲਿਆਂ ਦੀ ਵੀ ਸਾਂਝ ਬਣ ਜਾਂਦੀ ਏ। ਜਦ ਕਰਮਾ ਦੀ ਸਾਂਝ ਬਣ ਜਾਏ, ਤੇ ਕਰਮ ਇਕੋ ਜਿਹੇ ਹੋਵਣ, ਤੋ ਗੁਸਤਾਖ਼ੀ ਮੁਆਫ਼, ਕਈ ਦਫ਼ਾ ਹਜ਼ਾਰਾਂ ਤੇ ਲੱਖਾਂ ਦੀ ਇਹ ਮਹਾਂਮਾਰੀ,ਕਰਮ ਸਾਂਝੇ ਹੋ ਜਾਂਦੇ ਨੇ। ਇਹਨੂੰ ਇੰਝ ਨਾ ਸਮਝ ਲੈਣਾ, ਅਚਨਚੇਤ ਹੋ ਗਿਅੈ, ਅਚਨਚੇਤ ਕੁਛ ਨਹੀਂ ਹੁੰਦਾ, ਕੁਛ ਵੀ ਨਹੀਂ ਹੁੰਦਾ।
ਬਾਬਰ ਨੇ ਅੈਮਨਾਬਾਦ 'ਚ ਕਤਲੇਆਮ ਸ਼ੁਰੂ ਕੀਤੀ, ਲੇਕਿਨ ਫਿਰ ਵੀ ਕੁਝ ਬਚ ਗਏ।
ਮਰਦਾਨਾ ਪੁੱਛਦੈ, "ਮਹਾਰਾਜ! ਅੈਨੇ ਮਾਰੇ ਗਏ, ਫਿਰ ਵੀ, ਅੈਹ ਤਾਂ ਬਚ ਗਏ ਨੇ।"
ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ,
"ਜਿਨ੍ ਕੀ ਚੀਰੀ ਦਰਗਹ ਪਾਟੀ ਤਿਨਾ੍ ਮਰਣਾ ਭਾਈ॥"
{ਆਸਾ ਮ:੧,ਅੰਗ ੪੧੮}
ਜਿਨ੍ਹਾਂ ਦੇ ਜੀਵਨ ਦਾ ਚੌਲਾ, ਦਰਗਾਹ 'ਚੋਂ ਪਾੜ ਦਿੱਤਾ ਗਿਅੈ, ਉਹ ਹੀ ਗਏ। ਜਿਨ੍ਹਾਂ ਦੇ ਉੱਤੇ ਇਸ ਤਰ੍ਹਾਂ ਦੀ ਮੋਹਰ ਲੱਗ ਗਈ।
ਕਰਮ ਸਾਂਝੇ ਹੋ ਜਾਂਦੇ ਨੇ, ਤੇ ਕਰਮਾ ਦਾ ਫਲ ਵੀ ਸਾਂਝਾ। ਜੋ ਮੈਂ ਬੀਜ ਬੋਇਆ ਸੀ, ਫਲੀਭੂਤ ਹੋਇਅੈ, ਦੂਜੇ ਨੇ ਬੋਇਆ ਸੀ, ਉਹ ਵੀ ਉਸੇ ਸਮੇਂ, ਇਕੋ ਸਮੇਂ ਕਿਧਰੇ ਬੀਜ ਬੋਏ ਗਏ, ਇਕੋ ਸਮੇਂ ਉਹ ਫਲੀਭੂਤ ਹੋਏ ਨੇ। ਪ੍ਰਕ੍ਰਿਤੀ ਕਈ ਦਫ਼ਾ, ਇਸ ਤਰ੍ਹਾਂ ਦੇ ਸਾਰੇ ਕਰਮਾਂ ਦਾ ਇਕੋ ਈ ਸਮੇਂ ਫੈਸਲਾ ਕਰਦੀ ਏ। ਜਗਤ ਦੇ ਵਿਚ ਗੈਰ ਵਿਧਾਨਕ ਕੁਛ ਵੀ ਨਹੀਂ ਏਂ, ਸਭ ਕੁਛ ਵਿਧਾਨਕ ਢੰਗ ਨਾਲ, ਨਿਯਮ ਪੂਰਵਕ ਹੁੰਦੈ। ਅਗਰ ਕਹਿ ਦਿਉ, ਨਹੀਂ, ਅਚਨਚੇਤ, ਉਂਜ ਈ ਹੋ ਗਿਅੈ, ਫਿਰ ਕੋਈ ਪਰਮਾਤਮਾ ਨਹੀਂ ਅੈਂ, ਕੋਈ ਈਸ਼ਵਰ ਨਹੀਂ ਐਂ, ਇਹ ਵੀ ਮੈਂ ਅਰਜ਼ ਕਰ ਦਿਆਂ।
ਗਿਆਨੀ ਸੰਤ ਸਿੰਘ ਜੀ ਮਸਕੀਨ